Home / News / ਬਿਕਰਮਜੀਤ ਮਜੀਠੀਆ ਡਰੱਗ ਤਸਕਰਾਂ ਦਾ ਕਿੰਗਪਿਨ – ਭੋਲਾ

ਬਿਕਰਮਜੀਤ ਮਜੀਠੀਆ ਡਰੱਗ ਤਸਕਰਾਂ ਦਾ ਕਿੰਗਪਿਨ – ਭੋਲਾ

‘ਦੁਆਬੇ ਦੇ ਇਕ ਮੰਤਰੀ ਵੀ ਹੈ ਇਸ ਮਾਮਲੇ ‘ਚ ਸ਼ਾਮਲ’

ਮੋਹਾਲੀ (ਪਰਦੀਪ ਹੈਪੀ)-ਅਰਜੁਨ ਐਵਾਰਡੀ ਪਹਿਲਵਾਨ ਤੋਂ ਪੁਲਸ ਅਧਿਕਾਰੀ ਅਤੇ ਫਿਰ ਡਰੱਗ ਸਮਗਲਿੰਗ ਦੇ ਦੋਸ਼ ਵਿਚ ਪੁਲਸ ਵਲੋਂ ਫੜ੍ਹੇ ਗਏ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀ ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਅਨੂਪ ਸਿੰਘ ਕਾਹਲੋਂ ਨੂੰ ਸੋਮਵਾਰ ਨੂੰ ਉਨ੍ਹਾਂ ਦਾ ਜੂਡੀਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮੋਹਾਲੀ ‘ਚ ਪੇਸ਼ੀ ਭੁਗਤਣ ਆਏ ਜਗਦੀਸ਼ ਸਿੰਘ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗਜ਼ ਸਮੱਗਲਰ ਹੈ, ਨਾ ਕਿ ਉਹ। ਭੋਲਾ ਨੇ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਵਿਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਦੁਆਬੇ ਦਾ ਇਕ ਮੰਤਰੀ ਵੀ ਪੂਰੀ ਤਰਾਂ ਸ਼ਾਮਲ ਹੈ ਅਤੇ ਇਸ ਮੰਤਰੀ ਦਾ ਨਾਂ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਦੱਸੇਗਾ। ਜਗਦੀਸ਼ ਭੋਲਾ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ 40 ਤੋਂ ਵੀ ਜ਼ਿਆਦਾ ਦਿਨਾਂ ਤੱਕ ਪੁਲਸ ਰਿਮਾਂਡ ‘ਤੇ ਰੱਖਿਆ ਗਿਆ ਸੀ, ਜਿਸ ਕਾਰਨ ਕੋਰਟ ਵਿਚ ਪੇਸ਼ੀ ਦੌਰਾਨ ਵੀ ਉਨਾਂ ਨੂੰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਸੀ। ਭੋਲਾ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਵਾਰ-ਵਾਰ ਮਜੀਠੀਆ ਦੇ ਫੋਨ ਆਉਂਦੇ ਹਨ, ਜਦੋਂ ਵੀ ਮਜੀਠੀਆ ਕਹਿ ਦਿੰਦੇ ਹਨ ਕਿ ਇਸ ਕੰਮ ਨੂੰ ਰੋਕ ਦਿੱਤਾ ਜਾਵੇ ਤਾਂ ਸਾਰਾ ਜੇਲ ਪ੍ਰਸ਼ਾਸ਼ਨ ਅਤੇ ਪੁਲਸ ਆਪਣੇ ਕੰਮ ਨੂੰ ਬੰਦ ਕਰ ਦਿੰਦਾ ਸੀ ਅਤੇ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਉਨਾਂ ਦਾ ਰਿਮਾਂਡ ਵੀ ਨਹੀਂ ਮੰਗਦੀ ਸੀ।

Bhola arrested
ਜਗਦੀਸ਼ ਸਿੰਘ ਭੋਲਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ 22 ਹੋਰ ਵੀ ਐੱਸ. ਐੱਸ. ਪੀ. ਮੌਜੂਦ ਹਨ, ਤਾਂ ਉਨਾਂ ਦੇ ਮਾਮਲੇ ਵਿਚ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਹੀ ਕਿਉਂ ਚੁਣਿਆ ਗਿਆ। ਭੋਲਾ ਨੇ ਕਿਹਾ ਕਿ ਹੁਣ ਐੱਸ. ਐੱਚ. ਓ. ਦਵਿੰਦਰ ਅੱਤਰੀ ਨੇ ਉਨਾਂ ਨੂੰ ਧਮਕੀ ਦਿੱਤੀ ਹੈ ਕਿ ਪਹਿਲਾਂ ਤਾਂ ਤੁਹਾਡੇ ਉਪਰ ਸਿਰਫ਼ ਸੂਡੋ (ਨਸ਼ੀਲਾ ਪਦਾਰਥ) ਹੀ ਪਾਇਆ ਗਿਆ ਹੈ, ਜੇਕਰ ਤੁਸੀਂ ਜ਼ਿਆਦਾ ਗੜਬੜ ਕੀਤੀ ਤਾਂ ਹੈਰੋਇਨ ਵੀ ਪਾ ਦਿੱਤੀ ਜਾਵੇਗੀ। ਭੋਲਾ ਨੇ ਕਿਹਾ ਕਿ ਉਨਾਂ ਦੇ ਘਰ ਜਾਂ ਪਿੰਡ ਝਾਂਮਪੁਰ ਵਿਖੇ ਸਥਿਤ ਸ਼ੈਲਰ ਤੋਂ ਕਿਸੇ ਤਰਾਂ ਦਾ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਸਗੋਂ ਉਨਾਂ ਦੇ ਸ਼ੈਲਰ ਵਿਚੋਂ 1 ਕਰੋੜ ਰੁਪਏ ਦੇ ਚਾਵਲ ਚੋਰੀ ਕਰ ਲਏ ਗਏ। ਉਸ ਨੂੰ ਪੁਲਸ ਬਿਨਾਂ ਵਜਾ ਪ੍ਰੇਸ਼ਾਨ ਕਰ ਰਹੀ ਹੈ। ਭੋਲਾ ਨੇ ਕਿਹਾ ਕਿ ਜੇਕਰ ਉਸ ਕੋਲੋਂ 10 ਗ੍ਰਾਮ ਸਮੈਕ ਜਾਂ ਹੋਰ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਕੇਸ ਚਲਾਏ ਫਾਂਸੀ ਦੇ ਦਿੱਤੀ ਜਾਵੇ।

ਜਗਦੀਸ਼ ਭੋਲਾ ਦੇ ਮਾਮਲੇ ਵਿਚ ਐਡਵੋਕੇਟ ਨਹਿਲ ਨੇ ਦੱਸਿਆ ਕਿ ਉਹ ਪੁਲਸ ਦੀ ਧੱਕੇਸ਼ਾਹੀ ਖਿਲਾਫ਼ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾ ਰਹੇ ਹਨ, ਜਿਸ ਵਿਚ ਜਗਦੀਸ਼ ਭੋਲਾ ਦੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾਵੇਗੀ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

 

 

 

 

 

 

*Jagbani

 

About admin

Leave a Reply

Your email address will not be published. Required fields are marked *

*

Scroll To Top